ਕਿਤਾਬਾਂ ਸਾਡੀਆਂ ਸਭ ਤੋਂ ਵੱਡੀਆਂ ਦੋਸਤ ਹਨ।

Published on 27 September 2025 at 16:34

ਜਦੋਂ ਮੈਂ ਹਾਈ ਸਕੂਲ ਵਿੱਚ ਸੀ, ਮੈਂ ਹਮੇਸ਼ਾ ਭਾਸ਼ਣ, ਲਿਖਤ ਅਤੇ ਕਵਿਤਾ ਮੁਕਾਬਲਿਆਂ ਵਿੱਚ ਭਾਗ ਲੈਂਦੀ ਸੀ। ਮੈਨੂੰ ਅੱਜ ਵੀ ਯਾਦ ਹੈ, ਮੇਰੇ ਪਹਿਲੇ ਭਾਸ਼ਣ ਦਾ ਵਿਸ਼ਾ ਸੀ।
ਕਿਤਾਬਾਂ ਸਾਡੀਆਂ ਸਭ ਤੋਂ ਵੱਡੀਆਂ ਦੋਸਤ ਹਨ। "
ਇਹ ਟਾਇਟਲ ਸਿਰਫ਼ ਇੱਕ ਮੁਕਾਬਲੇ ਦੀ ਲਿਖਤ ਨਹੀਂ ਸੀ, ਇਹ ਮੇਰੇ ਅੰਦਰ ਦੀ ਉਸ ਲਗਨ ਦੀ ਸ਼ੁਰੂਆਤ ਸੀ, ਮੈਂ ਕਿਤਾਬਾਂ ਪੜ੍ਹਣੀਆ ਸ਼ੁਰੂ ਕੀਤੀਆ। ਇੱਕ ਕਿਤਾਬ ਤੋਂ ਦੂਜੀ, ਮੈਂ ਪੜ੍ਹਦੀ ਗਈ, ਅਤੇ ਹਰ ਸਫ਼ੇ ਨਾਲ ਵਧਦੀ ਗਈ।

ਕਿਤਾਬਾਂ ਨੇ ਮੈਨੂੰ ਸਿਖਾਇਆ ਕਿ "ਸਿਖਿਆ" ਸਿਰਫ਼ ਡਿਗਰੀ ਨਹੀਂ,
ਸਗੋਂ ਇੱਕ ਅੰਦਰੂਨੀ ਸਫ਼ਰ" ਹੈ ਜੋ ਪੜ੍ਹਨ ਤੋਂ ਸ਼ੁਰੂ ਹੁੰਦਾ ਹੈ।

  • ਪੜ੍ਹਨਾ ਸਾਡੀ ਸੋਚ ਨੂੰ ਗਹਿਰਾ ਅਤੇ ਵਿਸ਼ਾਲ ਬਣਾਉਂਦਾ ਹੈ।
    ਇੱਕ ਕਿਤਾਬ, ਇੱਕ ਕਹਾਣੀ ਸਾਨੂੰ ਸਾਡੀਆਂ ਹੱਦਾਂ ਤੋਂ ਪਰੇ ਲੈ ਜਾਂਦੀ ਹੈ। ਅਸੀਂ ਉਹਨਾਂ ਲੋਕਾਂ, ਜਗ੍ਹਾ, ਭਾਵਨਾਵਾਂ ਨੂੰ ਮਹਿਸੂਸ ਕਰਦੇ ਹਾਂ ਜੋ ਅਸੀਂ ਕਦੇ ਨਹੀਂ ਵੇਖੇ।
  • ਪੜ੍ਹਨਾ ਇੱਕ mental detox ਹੈ।
    ਜਿਵੇਂ ਸਰੀਰ ਲਈ ਸਫਾਈ ਜ਼ਰੂਰੀ ਹੈ, ਓਸੇ ਤਰ੍ਹਾਂ ਮਨ ਦੀ ਸਫਾਈ ਅਤੇ ਸ਼ਾਂਤੀ ਵੀ ਜਰੂਰੀ ਹੈ। ਜਦੋਂ ਅਸੀਂ ਕਿਤਾਬਾਂ ਪੜ੍ਹਦੇ ਹਾਂ, ਅਸੀਂ ਸੋਸ਼ਲ ਮੀਡੀਆ ਦੇ ਸ਼ੋਰ ਤੋਂ ਦੂਰ, ਆਪਣੇ ਮਨ ਨੂੰ ਅੰਦਰੋਂ ਆਰਾਮ ਦਿੰਦੇ ਹਾਂ।
  • ਪੜ੍ਹਨਾ ਸਾਡੀ ਭਾਸ਼ਾ ਨੂੰ ਸੰਵਾਰਦਾ ਹੈ। ਸਾਡੀ ਬੋਲਚਾਲ, ਲਿਖਾਈ ਅਤੇ ਸੋਚ ਵਿਚ ਸੁਧਾਰ ਆਉਂਦਾ ਹੈ। ਕਿਤਾਬਾਂ ਸਾਡੇ ਵਿਚਾਰਾਂ ਨੂੰ ਸ਼ਬਦ ਦਿੰਦੀਆਂ ਹਨ।
  • ਪੜ੍ਹਨਾ ਸਾਨੂੰ ਅਪਣੀਆ ਜੜਾ ਨਾਲ ਜੋੜਦਾ ਹੈ।
    ਜਦੋਂ ਅਸੀਂ ਆਪਣੀ ਮਾਂ-ਬੋਲੀ ਵਿੱਚ ਲਿਖੀਆਂ ਕਿਤਾਬਾਂ, ਦਾਦਾ-ਦਾਦੀ ਦੀਆਂ ਕਹਾਣੀਆਂ, ਪੰਜਾਬੀ ਸਾਹਿਤ, ਇਤਿਹਾਸ ਪੜ੍ਹਦੇ ਹਾਂ ਅਸੀਂ ਸਿਰਫ਼ ਪੜ੍ਹਦੇ ਨਹੀਂ, ਅਸੀਂ ਆਪਣੀ ਜੜ੍ਹਾਂ ਨਾਲ ਜੁੜਦੇ ਹਾਂ। ਇਹ ਪੜ੍ਹਾਈ ਸਾਨੂੰ ਸਾਡੀ ਮਿੱਟੀ ਦੀ ਮਹਕ ਅਤੇ ਸਾਡੇ ਵਡਿਆਂ ਦੇ ਤਜਰਬਿਆਂ ਨਾਲ ਰੁਬਰੂ ਕਰਵਾਉਂਦੀਆਂ ਹੈ। ਹਰ ਸ਼ਬਦ ਨਾਲ ਅਸੀਂ ਆਪਣੀ ਪਿਛੋਕੜ ਅਤੇ ਵਿਰਸੇ ਨੂੰ ਮਹਿਸੂਸ ਕਰਦੇ ਹਾਂ,

ਅੱਜ ਦੇ ਬੱਚੇ ਜਦੋਂ ਪੈਦਾ ਹੁੰਦੇ ਹਨ, ਉਨ੍ਹਾਂ ਦੇ ਹੱਥ ਵਿਚ ਖਿਡੌਣਾ ਨਹੀਂ
ਟੈਬਲੇਟ ਜਾਂ ਮੋਬਾਈਲ ਹੁੰਦਾ ਹੈ।
ਅਸੀਂ ਇਸ ਨੂੰ “modern upbringing" ਦਾ ਨਾਮ ਦਿੱਤਾ ਹੈ,
ਪਰ ਇਹ ਅਸਲ ਵਿੱਚ ਬਚਪਨ ਦਾ ਭੋਲਾਪਨ, ਖੁਸ਼ੀ ਅਤੇ ਰਿਸ਼ਤਿਆਂ ਦੀ ਗਹਿਰਾਈ ਨੂੰ ਖਤਮ ਕਰ ਰਿਹਾ ਹੈ, ਇਸ ਨਾਲ ਸਾਡੇ ਬੱਚਿਆਂ ਦੀ ਮਾਨਸਿਕ ਸਿਹਤ ਤੇ ਬੁਰਾ ਅਸਰ ਪੈ ਰਿਹਾ ਹੈ, ਕਿਉਂਕਿ ਉਹ ਸੋਚਣ ਅਤੇ ਸਮਝਣ ਦੀ ਸਮਰੱਥਾ ਗੁਆ ਰਹੇ ਹਨ। ਰਿਸ਼ਤੇ ਕਮਜ਼ੋਰ ਹੋ ਰਹੇ ਹਨ।

ਜਦੋਂ ਤੁਸੀਂ ਬੱਚੇ ਨੂੰ ਕਿਤਾਬ ਦੇਂਦੇ ਹੋ,
ਤੁਸੀਂ ਉਸਦੇ ਹੱਥ ਵਿਚ ਸਿਰਫ ਪੇਪਰ ਨਹੀਂ,
ਸਗੋਂ ਇੱਕ ਸੰਸਾਰ ਫੜਾ ਰਹੇ ਹੋ। ਜਦੋਂ ਉਹ ਪੰਨਾ ਪੰਨਾ ਕਰਕੇ ਕਹਾਣੀ ਪੜ੍ਹਦਾ ਹੈ,
ਉਹ ਸਿਰਫ਼ ਕਿਰਦਾਰ ਨਹੀਂ, ਸਗੋਂ ਨੈਤਿਕ ਮੁੱਲ, ਸੱਭਿਆਚਾਰ, ਸਮਝਦਾਰੀ, ਸੰਵੇਦਨਸ਼ੀਲਤਾ ਸਿੱਖਦਾ ਹੈ।  ਅਸੀਂ ਅੱਜ ਮੋਬਾਈਲ, ਰੀਲਾਂ, ਨੋਟੀਫਿਕੇਸ਼ਨਾਂ ਦੇ ਰਾਹੀਂ "attention span" ਨੂੰ ਕੁਝ ਸਕਿੰਟਾਂ ਵਿੱਚ ਸਮੇਟ ਦਿੱਤਾ ਹੈ। ਪਰ ਪੜ੍ਹਨਾ ਸਾਨੂੰ ਸਿਖਾਉਂਦਾ ਹੈ ਧੀਰਜ, ਸਹਿਨਸ਼ੀਲਤਾ, ਸੁਣਨਾ ਅਤੇ ਸਮਝਣਾ ।

ਆਓ ਘਰ ਵਿੱਚ ਕਿਤਾਬਾਂ ਦੀ ਥਾਂ ਬਣਾਈਏ,
ਜਿਵੇਂ ਅਸੀਂ ਫਰਨੀਚਰ, ਟੀਵੀ, ਅਤੇ ਦੂਜੇ ਸਾਜ਼ੋ-ਸਾਮਾਨ ਨੂੰ ਜਗ੍ਹਾ ਦਿੰਦੇ ਹਾਂ
ਉਵੇਂ ਹੀ ਕਿਤਾਬਾਂ ਨੂੰ ਵੀ ਆਪਣੀ ਜਿੰਦਗੀ ਵਿੱਚ “ਪਕਾ ਟਿਕਾਣਾ” ਦਈਏ।

ਬੱਚਿਆਂ ਨੂੰ bedtime story ਦੇ ਬਦਲੇ YouTube ਨਾ ਚਲਾਓ,
ਉਹਨਾਂ ਨੂੰ ਮਾਂ-ਬੋਲੀ ਦੀ ਮਿੱਠੀ ਲੋਰੀ ਸੁਣਾਓ। ਸਾਡਾ ਇਤਿਹਾਸ ਪੜ੍ਹਾਓ, 

 ਸਾਡੇ ਸੂਰਮਿਆਂ, ਸ਼ਹੀਦਾਂ ਅਤੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਪੜ੍ਹਾਓ, 
ਕਿਉਂਕਿ YouTube ਵੀਡੀਓ ਭੁੱਲ ਜਾਂਦੇ ਨੇ,
ਪਰ ਦਾਦੀ ਦੀ ਸੁਣਾਈ ਕਹਾਣੀ ਜਿੰਦਗੀ ਭਰ ਯਾਦ ਰਹਿੰਦੀ ਹੈ।

  • ਹਫ਼ਤੇ ਵਿੱਚ ਇੱਕ ਕਿਤਾਬ ਪੜ੍ਹੋ ਜਾਂ ਘੱਟੋ-ਘੱਟ ਇੱਕ ਚੈਪਟਰ।
  • ਘਰ ਵਿੱਚ ਲਾਇਬ੍ਰੇਰੀ ਦਾ ਇਕ ਕੋਣਾ ਬਣਾਓ ਜਿੱਥੇ ਤੁਸੀਂ ਤੇ ਤੁਹਾਡੇ ਬੱਚੇ ਬੈਠ ਕੇ ਪੜ੍ਹ ਸਕੋ।
  • "Screen time" ਘਟਾ ਕੇ "Reading time" ਵਧਾਓ।
  • ਪੜ੍ਹਨ ਦੇ ਸ਼ੌਂਕ ਨੂੰ ਜਗਾਓ ਕਿਉਂਕਿ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ ।

ਕਿਤਾਬਾਂ ਸਾਡੀ ਜ਼ਿੰਦਗੀ ਵਿੱਚ ਹਰ ਪਲ ਸਾਥ ਦਿੰਦੀਆਂ ਹਨ ਨਾ ਸਿਰਫ਼ ਮਨੋਰੰਜਨ ਦੇ ਰੂਪ ਵਿੱਚ, ਬਲਕਿ ਸਾਡੇ ਦਿਲ ਅਤੇ ਦਿਮਾਗ ਨੂੰ ਖੁਲ੍ਹਾ ਕਰਨ ਅਤੇ ਜਜ਼ਬਾਤੀ ਯਾਤਰਾ ਵਿੱਚ ਸਾਨੂੰ ਹੌਸਲਾ ਅਤੇ ਸਹਾਰਾ ਦਿੰਦੀਆਂ ਅਤੇ ਨਵੇਂ ਅਨੁਭਵਾਂ ਨੂੰ ਸਿੱਖਣ ਦੇ ਮੌਕੇ ਦਿੰਦੀਆਂ ਹਨ।

ਪੜ੍ਹੋ — ਜੁੜੋ — ਜਾਗੋ।
ਕਿਤਾਬਾਂ ਦੇ ਨਾਲ, ਆਪਣੀ ਪਛਾਣ ਵੱਲ ਵਾਪਸ ਆਓ।

Add comment

Comments

There are no comments yet.