ਸਫਲਤਾ ਦੀ ਕੀਮਤ: ਨੀਂਦ, ਸ਼ਾਂਤੀ ਅਤੇ ਖੁਸ਼ੀ
ਕੀ ਅਸੀਂ ਸੱਚਮੁੱਚ ਖੁਸ਼ ਹਾਂ ਜਾਂ ਸਿਰਫ਼ ਖੁਸ਼ੀ ਦਾ ਦਿਖਾਵਾ ਕਰ ਰਹੇ ਹਾਂ? ਇਹ ਇਕ ਬਹੁਤ ਹੀ ਡੂੰਘਾ ਅਤੇ ਸੋਚਣ ਵਾਲਾ ਸਵਾਲ ਹੈ । ਅੱਜ ਦੀ ਲਾਈਫਸਟਾਈਲ, ਵੱਡੇ ਘਰ, ਮਹਿੰਗੀਆਂ ਕਾਰਾਂ, ਸੋਸ਼ਲ ਮੀਡੀਆ ਉੱਤੇ ਹੱਸਦੀਆਂ ਤੇ ਪਰਫੈਕਟ ਤਸਵੀਰਾਂ ਪਰ ਅੰਦਰੋਂ? ਖਾਲੀਪਣ, ਅਣਕਹੀ ਥਕਾਵਟ, ਮਨ ਦੇ ਉਲਝੇ ਰਿਸ਼ਤੇ, ਤੇ ਰਾਤਾਂ ਦੀਆਂ ਬੇਚੈਨ ਨੀਂਦਾਂ। ਸਫਲਤਾ ਦੇ ਸੁਪਨਿਆਂ ਦੇ ਪਿੱਛੇ ਭੱਜਦਿਆਂ ਅਸੀਂ ਆਪਣੇ, ਮਨ ਦਾ ਚੈਨ, ਸ਼ਾਂਤੀ ਤੇ ਅਸਲੀ ਜ਼ਿੰਦਗੀ ਦੀ ਕੁਰਬਾਨੀ ਦੇ ਬੈਠੇ ਹਾਂ। ਅਸੀਂ ਇੱਕ ਐਸੇ ਰਸਤੇ ਉੱਤੇ ਚੱਲ ਪਏ ਹਾਂ ਜਿੱਥੇ ਸਚਾਈ ਤੋਂ ਵੱਧ ਦਿਖਾਵਾ ਹੈ, ਤੇ ਸਾਡੀ ਨੀਂਦ, ਸਿਹਤ, ਰਿਸ਼ਤੇ ਤੇ ਮਨ ਦੀ ਸ਼ਾਂਤੀ ਸਭ ਕੁਝ ਅਸੀਂ ਉਹਨਾਂ ਚੀਜ਼ਾਂ ਦੀ ਭੇਂਟ ਚੜ੍ਹਾ ਦਿੱਤਾ ਜੋ ਸਿਰਫ਼ ਹੋਰਾਂ ਦੀ ਅੱਖਾਂ ਨੂੰ ਚਮਕਾਉਣ ਲਈ ਸੀ। ਅਸੀਂ ਆਪਣੀ ਨੀਂਦ ਗਵਾ ਬੈਠੇ ਹਾਂ, ਸਿਹਤ ਦੀ ਪਰਵਾਹ ਨਹੀਂ ਰਹੀ, ਰਿਸ਼ਤਿਆਂ ਵਿਚ ਥਕਾਵਟ ਆ ਗਈ, ਤੇ ਦਿਲ ਦੀ ਅਵਾਜ਼ ਕਿਤੇ ਖੋ ਗਈ। ਬਦਲੇ ਵਿੱਚ ਮਿਲੀ ਹੈ ਇਕ ਝੂਠੀ ਖ਼ੁਸ਼ੀ ਜੋ ਸਿਰਫ਼ ਤਸਵੀਰਾਂ ਵਿੱਚ ਹੀ ਨਜ਼ਰ ਆਉਂਦੀ ਹੈ।